Punjabi MuZic Stars - from UK

Newspaper/Magazine only for Punjabi Music/Film Industry

Punjabi MuZic Stars

This is the place where you can you can find the latest news from the world of punjabi music scene. Contact Info: muzicstars@googlemail.com
.

ਹਾਸੇ ਦਾ ਭੰਡਾਰ ਹੈ : ਗੁਰਪ੍ਰੀਤ ਘੁੱਗੀ

Written by Administrator on Dec 27th, 2007 | Filed under: Home


ਕਾਮੇਡੀ ਦੇ ਖੇਤਰ ਵਿੱਚ ਗੁਰਪ੍ਰੀਤ ਘੁੱਗੀ ਇੱਕ ਅਜਿਹਾ ਕਲਾਕਾਰ ਹੈ, ਜਿਸ ਨੇ ਕਾਮੇਡੀ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਹਨ, ਪੰਜਾਬੀ ਸੱਭਿਆਚਾਰ ਦੀ ਰਾਖੀ ਲਈ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਬਹਾਲੀ ਲਈ ਉਹ ਇਸ ਖੇਤਰ ਵਿੱਚ ‘ਉਸਾਰੂ’ ਸੋਚ ਦੀ ਕਮਾਨ ਲੈ ਕੇ ਸੱਚ ਦੇ ਤਰਕਸ਼ ਸੰਗ ਆਪਣੇ ਅਣਖੀਲੇ ਤੀਰਾਂ ਦੀ ਬੁਛਾਰ ਕਰ ਰਿਹਾ ਹੈ। ਗੁਰਪ੍ਰੀਤ ਘੁੱਗੀ ਨੇ ਆਪਣੀ ਬਹੁ-ਪੱਖੀ ਕਲਾ ਦੇ ਜ਼ਰੀਏ ਜਿੱਥੇ ਸਾਡੇ ਸਮਾਜ ਵਿੱਚ ਫੈਲ ਚੁੱਕੀਆਂ ਅਤੇ ਪਨਪ ਰਹੀਆਂ ਕੁਰੀਤੀਆਂ ਨੂੰ ਉਜਾਗਰ ਕਰਕੇ ਉਨ੍ਹਾਂ ਦੇ ਚੋਰਾਹੇ ਭਾਂਡਾ ਭੰਨਣ ਦੀ ਸਫਲ ਕੋਸਿ਼ਸ਼ ਕੀਤੀ ਹੈ, ਉਥੇ ਕਾਮੇਡੀ ਕਲਾ ਨੂੰ ਉਸਾਰੂ ਲੀਹਾਂ ‘ਤੇ ਤੋਰਿਆ ਹੈ। ਗੁਰਪ੍ਰੀਤ ਘੁੱਗੀ ਸਹੀ ਮਾਅਨਿਆਂ ਵਿੱਚ ‘ਉਸਾਰੂ’ ਸੋਚ ਦਾ ਕਲਾਕਾਰ ਹੈ। ਉਹ ਸਿਰਫ ਦੇਸੀ ਭਾਸ਼ਾ ਵਿੱਚ ਹਸਾਉਣਾ ਹੀ ਨਹੀਂ ਜਾਣਦਾ ਉਸ ਪਾਸ ਗਿਆਨ ਦਾ ਵਿਸ਼ਾਲ ਭੰਡਾਰ ਹੈ, ਜਿਸ ਕਰਕੇ ਉਹ ਸਮਾਜ ਵਿੱਚ ਵਾਪਰ ਰਹੇ ਵਰਤਾਰੇ ਨੂੰ ਆਪਣੀ ‘ਬਾਜ਼’ ਅੱਖ ਨਾਲ ਉਸ ਨੂੰ ਤਰਕ ਦੇ ਨਜ਼ਰੀਏ ਤੋਂ ਵਾਚਦਾ ਹੈ।
ਉਸ ਦਾ ਮੰਨਣਾ ਹੈ ਕਿ ਜੇਕਰ ਜਿ਼ੰਦਗੀ ਨੂੰ ਹਾਸਾ ਰੂਪੀ ਅੰਮ੍ਰਿਤ ਨਸੀਬ ਹੋ ਜਾਵੇ ਤਾਂ ਮਨੁੱਖ ਲਈ ਦੁਸ਼ਵਾਰੀਆਂ ਦੇ ਅੰਬਾਰ ਵੀ ਹੌਲੇ ਫੁੱਲ ਕੂਲੇ ਤੇ ਮਲੂਕ ਹੋਣਗੇ ਅਤੇ ਜਿ਼ੰਦਗੀ ਦਾ ‘ਤਖੱਲਸ’ ਹਾਸਾ ਹੋ ਜਾਵੇ ਤਾਂ ਮੁਸੀਬਤ ਵੀ ਉਦਾਸੀ ਨੂੰ, ਗ਼ਮ ਨੂੰ ਸਾਡੇ ਘਰ ਦਾ ਸਿਰਨਾਵਾਂ ਨਹੀਂ ਦੇਵੇਗੀ। ਗੁਰਪ੍ਰੀਤ ਇਹ ਵੀ ਮੰਨਦਾ ਹੈ ਕਿ ਜੇਕਰ ਜਿ਼ੰਦਗੀ ਨੂੰ ਸਾਹ ਦੇਣ ਲਈ ਹਾਸਾ ਹਵਾ ਵਿੱਚ ਰਲ਼ ਜਾਵੇ ਤਾਂ ‘ਤਾ-ਉਮਰ’ ਮਨੁੱਖ ਸਾੜੇ, ਕੀਨੇ, ਵਿਤਕਰੇ ਤੋਂ ਨਿਜ਼ਾਤ ਲੈ ਕੇ ਰੱਬ ਦੇ ਨੇੜੇ ਹੋ ਜਾਵੇਗਾ।
ਅਜਿਹੇ ਹਾਸਿਆਂ ਨਾਲ ਸਾਡਾ ਨੇੜਿਉਂ ਤੁਆਰਫ ਕਰਵਾਉਂਦਾ ਰਹਿੰਦਾ ਹੈ, ਇਹ ਹਾਸ-ਕਲਾਕਾਰ (ਕਾਮੇਡੀਅਨ) ਇਨਸਾਨੀ ਜਾਮੇ ਵਿੱਚ ਤੁਰਦਾ-ਫਿਰਦਾ ਹਾਸਾ ਵੰਡਦਾ ਗੁਰਪ੍ਰੀਤ ਘੁੱਗੀ, ਜੋ ਪਿਛਲੇ ਦਹਾਕੇ ਭਰ ਤੋਂ ਸਾਡੇ ਸਮੂਹ ਪੰਜਾਬੀਆਂ ਦੀਆਂ ਜਿ਼ੰਦਗੀਆਂ ਲਈ ‘ਖੁਸ਼ੀ ਦਾ ਰੰਗੀਨ ਚਿੱਤਰ’ ਗ਼ਮਾਂ ਨੂੰ ਦੂਰ ਕਰਨ ਵਾਲੀ ਅਕਸੀਰ ਦਵਾਈ ਬਣਿਆ ਹੋਇਆ ਹੈ।
ਭਾਵੇ ਗੁਰਪ੍ਰੀਤ ਸਿੰਘ ਘੁੱਗੀ ਕਿਸੇ ਪਹਿਚਾਣ ਦਾ ਮੁਥਾਜ਼ ਨਹੀਂ ਹੈ। ਜਲੰਧਰ ਦੂਰਦਰਸ਼ਨ ਦੇ ਕਈ ਸੀਰੀਅਲਾਂ ਵਿੱਚ ਬਤੌਰ ਚਰਿੱਤਰ ਐਕਟਰ, ਕਈ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਬਤੌਰ ਕਾਮੇਡੀਅਨ ਅਤੇ ਕੁਝ ਅਹਿਮ ਪ੍ਰੋਗਰਾਮਾਂ ਦਾ ਸੰਚਾਲਕ ਘੁੱਗੀ ਆਪਣੀ ਤਰੱਕੀ ਲਈ ਜਲੰਧਰ ਦੂਰਦਰਸ਼ਨ ਨੂੰ ਮੰਨਦਾ ਹੈ ਕਿ ਦੂਰਦਰਸ਼ਨ ਨੇ ਹੀ ਉਸ ਦੀ ਪਹਿਚਾਣ ਬਣਾਉਣ ਲਈ ਵੱਡਾ ਯੋਗਦਾਨ ਪਾਇਆ ਹੈ।
ਉਹ ਕਹਿੰਦਾ ਹੈ ਕਿ ਸਭ ਤੋਂ ਔਖਾ ਹੈ ਕਿ ਅੱਜ ਦੀ ਰੁਝੇਵਿਆਂ ਭਰੀ ਅਤੇ ਤਣਾਅਪੂਰਨ ਜਿ਼ੰਦਗੀ ਵਿੱਚੋਂ ਲੋਕਾਂ ਨੂੰ ਹਸਾਉਣਾ, ਕਿਉਂਕਿ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਵੱਲ ਦਿਲਕਸ਼ ਕਰਕੇ ਹੀ ਹਸਾਇਆ ਜਾ ਸਕਦਾ ਹੈ। ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਸਕੈਂਡਲਾਂ ਵਿੱਚ ਫਸੇ ਨੇਤਾਵਾਂ ਤੇ ਪੰਜਾਬ ਪੁਲਿਸ ‘ਤੇ ਜਿਸ ਕਦਰ ਗੁਰਪ੍ਰੀਤ ਘੁੱਗੀ ਵਿਅੰਗ ਕੱਸਦਾ ਹੈ, ਉਸ ਦੀ ਚੋਭ ਮਹਿਸੂਸ ਕੀਤੀਆਂ ਹੀ ਬਣਦੀ ਹੈ। ਸਟੇਜਾਂ ‘ਤੇ ਮੌਕੇ ਮੁਤਾਬਿਕ ਢੁੱਕਵਾਂ ਵਿਅੰਗ ਕਰ ਜਾਣਾ ਇੱਕ ਸਫਲ ਕਾਮੇਡੀਅਨ ਦੀ ਪਹਿਚਾਣ ਹੁੰਦੀ ਹੈ, ਉਹ ਇਸ ਵਿੱਚ ਪ੍ਰਪੱਕ ਵੀ ਹੈ ਅਤੇ ਸਫਲ ਵੀ ਹੈ। ਉਸ ਨੂੰ ਖੁੱਲ੍ਹੀਆਂ ਸਟੇਜਾਂ ‘ਤੇ ਦੇਖਣ ਵਾਲੇ ਦਰਸ਼ਕ ਉਸ ਦੀ ਇਸ ਖੂਬੀ ਨੂੰ ਭਲੀ-ਭਾਂਤ ਜਾਣਦੇ ਹਨ ਕਿ ਉਹ ਆਪਣੀ ਗੱਲ ਨੂੰ ਮੌਕੇ ਮੁਤਾਬਿਕ ਹੀ ਕਰ ਜਾਂਦਾ ਹੈ।
ਘੁੱਗੀ ਨੇ ਇੱਕ ਵੱਖਰੀ ਕਿਸਮ ਦੀ ਕਾਮੇਡੀ ਦੀ ਗੂੰਜ ਹਰ ਪੰਜਾਬੀ ਦੇ ਘਰ ਪਹੁੰਚਾਈ ਹੈ। ਵਾਧਾ ਇਹ ਹੈ ਕਿ ਉਸ ਨੇ ਹਸਾਉਣ ਲਈ ਸਿਰਫ ਚੁਟਕਲਾ ਵਿਧੀ ਦਾ ਸਹਾਰਾ ਨਹੀਂ ਲਿਆ, ਸਗੋਂ ਕਾਵਿ-ਤੁਕਬੰਦੀ ਵੰਨਗੀ ਦਾ ਉਸ ਭਰਪੂਰ ਇਸਤੇਮਾਲ ਕੀਤਾ ਹੈ, ਇਸ ਦਾ ਕਾਰਨ ਹੈ ਕਿ ਉਸ ਨੂੰ ਪੰਜਾਬੀ ਸਾਹਿਤ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੈ। ਉਹ ਚੰਗੇ ਤੇ ਮਕਬੂਲ ਸ਼ਾਇਰਾਂ ਦਾ ਬਹੁਤ ਵੱਡਾ ਕਦਰਦਾਨ ਹੈ, ਚੰਗੀ ਸ਼ਾਇਰੀ ਨੂੰ ਉਹ ਪਸੰਦ ਨਹੀਂ ਕਰਦਾ ਸਗੋਂ ਆਪਣੇ ਦਿਲ ਵਿੱਚ ਵਸਾਉਂਦਾ ਹੈ। ਸਟੇਜਾਂ ‘ਤੇ ਸੰਚਾਲਨ ਕਰਦਿਆਂ ਇਸ ਕਾਮੇਡੀਅਨ ਪਿੱਛੇ ਲੁਕੇ ਹੋਏ ਸਾਹਿਤਕਾਰ ਦੀ ਸਾਫ ਝਲਕ ਦਿਖਾਈ ਦਿੰਦੀ ਹੈ।
ਪ੍ਰਸਿੱਧ ਪੰਜਾਬੀ ਗੀਤਾਂ ‘ਤੇ ਪੈਰੋਡੀ ਲਿਖਣ ਵਿੱਚ ਗੁਰਪ੍ਰੀਤ ਘੁੱਗੀ ਕਦੀ ਵਿਸਾਰਿਆ ਨਹੀਂ ਜਾ ਸਕਦਾ, ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਕੁਝ ਮਕਬੂਲ ਗੀਤਾਂ ਦਾ ਗੀਤਕਾਰ ਵੀ ਹੈ ਅਤੇ ਗੀਤ ਲਿਖਣਾ ਵੀ ਉਸ ਦਾ ਸ਼ੌਕ ਹੈ। ਉਸ ਕੋਲ ਹਾਸਾ ਪੈਦਾ ਕਰਨ ਵਾਲੀ ਮੌਲਿਕ ਤਕਨੀਕ ਹੈ। ਵਿਅੰਗ ਦੀ ਚਾਸ਼ਨੀ ਉਸਦੀ ਆਵਾਜ਼ ਦੇ ਅਸਰ ਵਿੱਚ ਸ਼ਾਮਲ ਹੈ। ਜਦੋਂ ਉਹ ਸਟੇਜ ‘ਤੇ ਜਾਂਦਾ ਹੈ ਤਾਂ ਅਜੇ ਉਹ ਕੁਝ ਬੋਲਿਆ ਵੀ ਨਹੀਂ ਹੁੰਦਾ ਪਰ ਦਰਸ਼ਕਾਂ ਵਿੱਚ ਪਹਿਲੇ ਹੀ ਹਾਸੇ ਦੇ ਫੁਹਾਰੇ ਛੁੱਟਣੇ ਸ਼ੁਰੂ ਹੋ ਜਾਂਦੇ ਹਨ। ਉਸ ਕੋਲ ਨਕਲ ਉਤਾਰਨ ਲਈ ਵੱਖ-ਵੱਖ ਆਵਾਜ਼ਾਂ ਦਾ ਭੰਡਾਰ ਮੌਜੂਦ ਹੈ। ਸਭ ਤੋਂ ਵੱਡੀ ਗੱਲ ਉਸ ਦੇ ਵਿਅੰਗ ਵਿੱਚ ਅੰਦਾਜ਼ ਵਿੱਚ ਇੱਕ ਕੁਦਰਤੀਪਣ ਹੈ। ਉਹ ਇੰਝ ਨਹੀਂ ਲੱਗਦਾ ਕਿ ਕਿਸੇ ਨੂੰ ਧੱਕੇ ਨਾਲ ਹਸਾ ਰਿਹਾ ਹੈ। ਉਸ ਕੋਲ ਹਸਾਉਣ ਲਈ ਲੋੜੀਂਦੇ ਸ਼ਬਦਾਂ ਦੀ ਘਾੜਤ ਕਰਨ ਵਾਲਾ ਘੁੰਣਤਰੀ ਦਿਮਾਗ ਹੈ। ਅੱਜ ਦੀ ਗਾਇਕੀ ਵਿੱਚ ਜਿਸ ਕਦਰ ਨਵੇਂ-ਨਵੇਂ ਗਾਇਕ ਆਪਣੀਆਂ ਬੇਤੁਕੀਆਂ ਕੈਸੇਟਾਂ ਭਰਵਾ ਕੇ ਆਪਣੇ-ਆਪ ਨੂੰ ਚੰਗੇ ਗਾਇਕ ਹੋਣ ਦਾ ਸਬੂਤ ਦੇਣ ਵਾਲਿਆਂ ਦੀ ਸ਼ਾਮਤ ਤਾਂ ਉਹ ਵਿਅੰਗਮਈ ਅੰਦਾਜ਼ ਨਾਲ ਹੀ ਲੈਂਦਾ ਹੈ।
ਪੰਜਾਬੀ ਗਾਇਕੀ ਵਿੱਚ ਆ ਰਹੀ ਅਸ਼ਲੀਲਤਾ ਤੇ ਨੰਗੇਜ਼ਵਾਦ ਦਾ ਉਹ ਕੱਟੜ ਵਿਰੋਧੀ ਹੈ। ਉਹ ਆਪਣੀ ਚੰਗੀ ਸੋਚ ਦਾ ਪ੍ਰਦਰਸ਼ਨ ਹਰ ਸਟੇਜ ‘ਤੇ ਹੀ ਕਰ ਜਾਂਦਾ ਹੈ। ਉਸ ਨੇ ਕਦੇ ਸਿੱਟਿਆਂ ਦੀ ਪ੍ਰਵਾਹ ਨਹੀਂ ਕੀਤੀ, ਕਿਉਂਕਿ ਉਹ ਜਾਣਦਾ ਹੈ ਕਿ ਸਮੂਹ ਪੰਜਾਬੀ ਉਸ ਨਾਲ ਖੜ੍ਹੇ ਹਨ। ਜਗਰਾਉਂ ਘਟਨਾ ਦਾ ਜਿ਼ਕਰ ਕਰਦਿਆਂ ਗੁਰਪ੍ਰੀਤ ਘੁੱਗੀ ਫਖਰ ਨਾਲ ਦੱਸਦਾ ਹੈ ਕਿ ਜੇਕਰ ਉਸਨੇ ਹਾਜ਼ਰ ਭਾਰੀ ਇਕੱਠ ਨੂੰ ਸਨਿਮਰ ਬੇਨਤੀ (ਸ਼ਾਂਤ ਰਹਿਣ) ਨਾ ਕਰਦਾ ਤਾਂ ਉਸ ਦਾ ਵਿਰੋਧ ਕਰਨ ਵਾਲਿਆਂ ਦਾ ‘ਹਸ਼ਰ’ ਬਹੁਤ ਮਾੜਾ ਹੋਣਾ ਸੀ।
ਉਹ ਕਹਿੰਦਾ ਹੈ ਕਿ ਅਜੇ ਵੀ ਚੰਗੀ ਤੇ ਉਸਾਰੂ ਸੋਚ ਵਾਲਿਆਂ ਦੀ ਗਿਣਤੀ ਬਹੁਤ ਹੈ, ਜਿਸ ਸਦਕੇ ਉਹ ਆਪਣੀ ਮੰਜਿ਼ਲ-ਮਕਸਦ ਵੱਲ ਅਗਰਸਰ ਹੈ। ਗੁਰਪ੍ਰੀਤ ਸਿੰਘ ਵੜੈਚ ਉਰਫ ਘੁੱਗੀ ਬਹੁਤ ਹੀ ਖੁਸ਼ੀ ਨਾਲ ਦੱਸਦਾ ਹੈ ਕਿ ਉਸ ਦਾ ਨਾਂਅ ‘ਘੁੱਗੀ’ ਉਨ੍ਹਾਂ ਦੇ ਗੁਰੂ/ਉਸਤਾਦ ਕਾਮੇਡੀ ਕਿੰਗ ਚਾਚਾ ਰੌਣਕੀ ਰਾਮ ਉਰਫ ਬਲਵਿੰਦਰ ਵਿੱਕੀ ਨੇ ਹੀ ਰੱਖਿਆ ਹੈ।
ਉਸ ਦਾ ਕਹਿਣਾ ਹੈ ਕਿ ਪਹਿਲਾਂ ਉਸ ਨੂੰ ਕਈ ਵਾਰ ਗੁੱਸਾ ਆਉਂਦਾ ਸੀ, ਹੋਇਆ ਇੰਝ ਕਿ ਮੈਂ ਚਾਚਾ ਰੌਣਕੀ ਰਾਮ ਨਾਲ ਇੱਕ ਪ੍ਰੋਗਰਾਮ ਕਰਨ ਗਿਆ ਤਾਂ ਉਥੇ ਇੱਕ ਛੋਟਾ ਬੱਚਾ ਰੋ ਰਿਹਾ ਸੀ ਅਤੇ ਚਾਚਾ ਜੀ ਨੇ ਕਿਹਾ ਕਿ ਉਹ ਦੇਖ, “ਘੁੱਗੀ ਆ ਗਿਆ, ….. ਘੁੱਗੀ ਆ ਗਿਆ …..” ਥੋੜ੍ਹੀ ਦੇਰ ਬਾਅਦ ਉਹ ਬੱਚਾ ਮੇਰੇ ਕੋਲ ਆ ਕੇ ਕਹਿਣ ਲੱਗਿਆ ਕਿ ‘ਤੂੰ ਘੁੱਗੀ ਹੈਂ ਨਾ….’ ਉਸ ਦੇ ਬਾਅਦ ਉਹ ਮੇਰੇ ਪਿੱਛੇ ਹੀ ਪੈ ਗਿਆ ਕਿ ‘ੳੁੱਡ ਕੇ ਦਿਖਾ…… ੳੁੱਡ ਕੇ ਦਿਖਾ…….’ ਇਸੇ ਤਰ੍ਹਾਂ ਜਦ ਮੇਰਾ ਨਾਂ ‘ਘੁੱਗੀ’ ਹੀ ਮਸ਼ਹੂਰ ਹੋ ਗਿਆ ਤੇ ਪਿਛਲੇ ਕੁਝ ਸਾਲਾਂ ਵਿੱਚ ਮੇਰੀਆਂ ਕੈਸੇਟਾਂ ‘ਘੁੱਗੀ ਦਾ ਵਿਆਹ’, ‘ਘੁੱਗੀ ਦੇ ਬੱਚੇ’, ‘ਤੋਹਫੇ ਘੁੱਗੀ ਦੇ’, ‘ਤਮਾਸ਼ਾ ਘੁੱਗੀ ਦਾ’, ‘ਘੁੱਗੀ ਦੇ ਬਰਾਤੀ’ ਅਤੇ ‘ਘੁੱਗੀ ਜੰਕਸ਼ਨ’ ਆ ਚੁੱਕੀਆਂ ਹਨ।
ਰੰਗ ਮੰਚ ‘ਤੇ ਗੱਲਬਾਤ ਕਰਦਿਆਂ ਘੁੱਗੀ ਨੇ ਦੱਸਿਆ ਕਿ ਸਕੂਲ ਤੋਂ ਹੀ ਉਸ ਨੂੰ ਐਕਟਿੰਗ ਦੀ ਚੇਟਕ ਸੀ ਤੇ ਉਸ ਦੀ ਕਲਾ ਵਿੱਚ ਨਿਖਾਰ ਦੁਆਬਾ ਕਾਲਜ ਜਲੰਧਰ ਵਿਖੇ ਗ੍ਰੈਜੂਏਸ਼ਨ ਕਰਦਿਆਂ ਆਇਆ। ਉਹ ਪੰਜਾਬੀ ਰੰਗ ਮੰਚ ਨਾਲ ਜੁੜ ਗਿਆ ਅਤੇ ਉਸ ਦੀ ਖਾਸਕਰ ਪਹਿਚਾਣ ਕਾਮੇਡੀਅਨ ਦੇ ਤੌਰ ‘ਤੇ ਲੋਕਾਂ ਨੇ ਬੇਹੱਦ ਪਸੰਦ ਕੀਤੀ ਅਤੇ ਕਰ ਰਹੇ ਹਨ।
ਉਹ ਮੰਨਦੇ ਹਨ ਕਿ ਪੰਜਾਬੀ ਰੰਚ ਮੰਚ ਚੰਗੀ ਸਥਿਤੀ ਵਿੱਚ ਹੈ ਅਤੇ ਜੋ ਵੀ ਕਲਾਕਾਰ ਰੰਗ ਮੰਚ ਦੇ ਪਲੇਟਫਾਰਮ ਵਿੱਚੋਂ ਅੱਗੇ ਵਧੇਗਾ, ਉਹ ਕਲਾਕਾਰ ਫਿਲਮਾਂ, ਟੀ.ਵੀ. ਸੀਰੀਅਲਜ਼ ਅਤੇ ਸਟੇਜਾਂ ‘ਤੇ ਅਸਫਲ ਨਹੀਂ ਹੋ ਸਕਦਾ। ਉਹ ਆਪਣੀ ਕਾਮਯਾਬੀ ਦਾ ਸਿਹਰਾ ਵੀ ਰੰਗ ਮੰਚ ਨੂੰ ਹੀ ਦਿੰਦੇ ਹਨ ਕਿ ਕਲਾ ਤੇ ਐਕਟਿੰਗ ਦੀ ਡੂੰਘਾਈ ਸਿਰਫ ਸਟੇਜ ਤੋਂ ਹੀ ਮਿਲਦੀ ਹੈ।
ਕਾਮੇਡੀ ਨੂੰ ਪਹਿਲ ਦੇਣ ਬਾਰੇ ਉਹ ਮੰਨਦਾ ਹੈ ਕਿ ਕਾਲਜ ਦੇ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਕਾਮੇਡੀ ਬਹੁਤ ਪ੍ਰਭਾਵਤ ਕਰਦੀ ਹੁੰਦੀ ਸੀ। ਇਸੇ ਕਾਰਨ ਕਾਮੇਡੀ ਨੂੰ ਹੀ ਚੁਣਿਆ। ਅੱਜ ਕੱਲ੍ਹ ਦੀ ਮਸ਼ਰੂਫ ਜਿ਼ੰਦਗੀ ਵਿੱਚੋਂ ਲੋਕਾਂ ਨੂੰ ਹਸਾਉਣਾ ਬਹੁਤ ਔਖਾ ਹੈ ਅਤੇ ਕਈ ਵਾਰ ਇੱਕ ਹਾਸ ਕਲਾਕਾਰ ਦੀ ਜਿ਼ੰਦਗੀ ਦੀ ਵਿੰਬਡਨਾ ਹੁੰਦੀ ਹੈ ਕਿ ਉਹ ਭਾਵੇਂ ਸਾਰੀ ਰਾਤ ਰੋਂਦਾ ਰਿਹਾ ਹੋਵੇ ਪਰ ਸਵੇਰੇ ਉਸ ਨੇ ਲੋਕਾਂ ਨੂੰ ਹਸਾਉਣਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਫਿਲਮ ਵਿੱਚ ਉਹ ਜਾਨੀ ਲੀਵਰ, ਮਹਿਮੂਦ ਅਤੇ ਕਾਦਰ ਖਾਨ ਆਦਿ ਦੀ ਕਾਮੇਡੀ ਖਾਸ ਤੌਰ ‘ਤੇ ਦੇਖਦੇ ਹਨ ਅਤੇ ਅਜਿਹਿਆਂ ਕਿਰਦਾਰਾਂ ਤੋਂ ਪ੍ਰਭਾਵਤ ਹੋ ਕੇ ਉਹ ਵੀ ਕਾਮੇਡੀਅਨ ਬਣ ਗਏ।
- ਜਤਿੰਦਰ ਮੋਹਨ